ਪੰਜਾਬੀ ਖਬਰਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੌਮਾਂਤਰੀ ਯੋਗਾ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੌਮਾਂਤਰੀ ਯੋਗਾ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮ

ਪਟਿਆਲਾ/ 21 ਜੂਨ 2022

“ਯੋਗਾ ਸਾਨੂੰ ਸਰੀਰਿਕ ਤੌਰ ਉੱਤੇ ਰਿਸ਼ਟ ਪੁਸ਼ਟ ਰੱਖਣ ਦੇ ਨਾਲ਼ ਨਾਲ਼ ਸਾਡੇ ਵਿੱਚ ਦ੍ਰਿੜਤਾ ਪੈਦਾ ਕਰਦਾ ਹੈ। ਦ੍ਰਿੜਤਾ ਨਾਲ਼ ਜਿ਼ੰਦਗੀ ਕੁੱਝ ਵੀ ਹਾਸਿਲ ਕੀਤਾ ਜਾ ਸਕਦਾ ਹੈ। ”

ਇਹ ਵਿਚਾਰ ਕੌਮਾਂਤਰੀ ਯੋਗਾ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਵੱਲੋਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਸਹਿਯੋਗ ਨਾਲ ਆਯੋਜਿਤ ਪ੍ਰੋਗਰਾਮ ਵਿੱਚ ਉਚੇਚੇ ਤੌਰ ਉੱਤੇ ਸ਼ਾਮਿਲ ਹੋਏ ਕਬੱਡੀ ਜਗਤ ਦੇ ਸਿਤਾਰੇ ਅਤੇ ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਪ੍ਰਗਟਾਏ ਗਏ। ਗੁਰਲਾਲ ਘਨੌਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਰਹੇ ਹਨ।

ਉਨ੍ਹਾਂ ਆਪਣੇ ਸੰਬੋਧਨ ਵਿੱਚ ਯੋਗਾ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਯੋਗਾ ਸਾਡੀ ਕਸਰਤ ਦਾ ਮੂਲ ਅਧਾਰ ਹੈ। ਇਹ ਬੁਨਿਆਦੀ ਕਸਰਤ ਹੈ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਹਰ ਕੋਈ ਕਰ ਸਕਦਾ ਹੈ। ਇਹ ਖੇਡ ਮੈਦਾਨ ਨਾਲ ਜੁੜਨ ਦਾ ਇੱਕ ਜ਼ਰੀਆ ਹੈ। ਯੋਗਾ ਦੇ ਬਹਾਨੇ ਅਸੀਂ ਖੇਡ ਮੈਦਾਨ ਨਾਲ ਜੁੜ ਸਕਦੇ ਹਾਂ। ਕੋਈ ਵੀ ਖਿਡਾਰੀ ਭਾਵੇਂ ਆਪਣੀ ਕੋਈ ਵੀ ਖੇਡ ਖੇਡਦਾ ਹੋਵੇ, ਯੋਗਾ ਉਸ ਲਈ ਸਹਾਈ ਸਿੱਧ ਹੁੰਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਬਾਰੇ ਵੀ ਮਾਣ ਨਾਲ ਦੱਿਸਆ ਗਿਆ।

ਇਸ ਮੌਕੇ ਉਚੇਚੇ ਤੌਰ ਉੱਤੇ ਹਾਜ਼ਰ ਹੋਏ ਕੌਮਾਂਤਰੀ ਪੱਧਰ ਦੇ ਉੱਘੇ ਅਥਲੈਟਿਕ ਕੋਚ ਬਹਾਦਰ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਯੋਗਾ ਇੱਕ ਅਜਿਹੀ ਕਸਰਤ ਹੈ ਜਿਸ ਨੂੰ ਘਰ ਬੈਠਿਆਂ ਵੀ ਅਸਾਨੀ ਨਾਲ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਆਪਣੀਆਂ ਅਤੇ ਆਪਣੇ ਵਿਦਿਆਰਥੀਆਂ ਦੀਆਂ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿ਼ੰਦਗੀ ਵਿੱਚ ਕੁੱਝ ਵੀ ਹਾਸਿਲ ਕਰਨ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਚੀਜ਼ ਹੈ। ਉਨ੍ਹਾਂ ਦੱਸਿਆ ਕਿ ਉਹ ਜਿੱਥੇ ਖੁਦ ਬੇਹੱਦ ਜਿ਼ਆਦਾ ਅਨੁਸ਼ਾਸਨ ਪਸੰਦ ਸਨ ਉੱਥੇ ਹੀ ਹੀ ਆਪਣੇ ਵਿਦਿਆਰਥੀ ਖਿਡਾਰੀਆਂ ਨੂੰ ਵੀ ਸਮੇਂ ਦੇ ਪਾਬੰਦ ਅਤੇ ਅਨੁਸ਼ਾਸਨਬੱਧ ਬਣਾਉਂਦੇ ਸਨ ਜਿਸ ਕਾਰਨ ਉਨ੍ਹਾਂ ਦੀਆਂ ਏਨੀਆਂ ਜਿ਼ਆਦਾ ਪ੍ਰਾਪਤੀਆਂ ਸੰਭਵ ਹੋਈਆਂ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਅਸੀਂ ਕਰੋਨਾ ਦੇ ਦੌਰ ਵਿੱਚੋਂ ਨਿਕਲ ਕੇ ਹੁਣ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਇਕੱਠੇ ਹੋ ਸਕਣ ਦੇ ਯੋਗ ਹੋਏ ਹਾਂ ਜਿੱਥੇ ਬਿਨਾ ਮਾਸਕ ਪਹਿਨਿਆਂ ਯੋਗਾ ਕਰ ਸਕਦੇ ਹਾਂ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੌਮਾਂਤਰੀ ਯੋਗਾ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮI ਇਸ ਮੌਕੇ ਈ. ਐੱਮ. ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

ਯੋਗਾ ਇੰਸਟ੍ਰਕਟਰ ਜਗਜੀਵਨ ਸ਼ਰਮਾ ਦੀ ਅਗਵਾਈ ਵਿੱਚ ਤਿਆਰ ਕਰਵਾਈ ਗਈ ਇੱਕ ਯੋਗਾ ਅਧਾਰਿਤ ਸਮੂਹਿਕ ਪੇਸ਼ਕਾਰੀ ਦਾ ਆਯੋਜਨ ਵੀ ਕੀਤਾ ਗਿਆ।

ਗੁਰੂ ਤੇਗ ਬਹਾਦਰ ਹਾਲ ਦੇ ਬਾਹਰ ਵਾਲੇ ਘਾਹ-ਮੈਦਾਨ ਉੱਤੇ ਸਵੇਰੇ ਛੇ ਵਜੇ ਆਯੋਜਿਤ ਇਸ ਪ੍ਰੋਗਰਾਮ ਦੇ ਯੋਗਾ ਅਭਿਆਸ ਸੰਬੰਧੀ ਸੈਸ਼ਨ ਵਿੱਚ ਜਿੱਥੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਸਿ਼ਰਕਤ ਕੀਤੀ ਉੱਥੇ ਹੀ ਨੇੜਲੇ ਪਿੰਡਾਂ ਦੌਣ ਕਲਾਂ ਅਤੇ ਕੌਲੀ ਤੋਂ ਵੀ ਕੁੱਝ ਲੋਕ ਯੋਗਾ ਕਰਨ ਪਹੁੰਚੇ ਹੋਏ ਸਨ।

Check Also
Close
Back to top button