Homeਪੰਜਾਬੀ ਖਬਰਾਂਖੇਡ ਮੇਲਾ "ਖੇਡਾਂ ਵਤਨ ਪੰਜਾਬ ਦੀਆਂ" ਸੂਬੇ ਵਿੱਚ ਖੇਡ ਸੱਭਿਆਚਾਰ ਸੁਰਜੀਤ ਕਰਨ...

ਖੇਡ ਮੇਲਾ “ਖੇਡਾਂ ਵਤਨ ਪੰਜਾਬ ਦੀਆਂ” ਸੂਬੇ ਵਿੱਚ ਖੇਡ ਸੱਭਿਆਚਾਰ ਸੁਰਜੀਤ ਕਰਨ ਦਾ ਉਪਰਾਲਾ-ਮੀਤ ਹੇਅਰ

ਖੇਡ ਮੇਲਾ “ਖੇਡਾਂ ਵਤਨ ਪੰਜਾਬ ਦੀਆਂ” ਸੂਬੇ ਵਿੱਚ ਖੇਡ ਸੱਭਿਆਚਾਰ ਸੁਰਜੀਤ ਕਰਨ ਦਾ ਉਪਰਾਲਾ-ਮੀਤ ਹੇਅਰ

ਬਹਾਦਰਜੀਤ ਸਿੰਘ /ਰੂਪਨਗਰ, 17 ਅਗਸਤ,2022

ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ ਪੰਜਾਬ ਖੇਡ ਮੇਲਾ 2022  “ਖੇਡਾਂ ਵਤਨ ਪੰਜਾਬ ਦੀਆਂ” ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਖੇਡ ਮੰਤਰੀ, ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਖੇਡ ਮੇਲੇ ਬਾਬਤ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।

ਖੇਡ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕਿਸੇ ਖੇਡ ਮੇਲੇ ਤਹਿਤ 28 ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਦੇਸ਼ ਦੀ ਅਜ਼ਾਦੀ ਤੋਂ ਬਾਅਦ 75 ਸਾਲ ਵਿਚ ਪਹਿਲੀ ਵਾਰ ਅਜਿਹਾ ਮੇਲਾ ਹੋਣ ਜਾ ਰਿਹਾ ਹੈ ਤੇ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਨਾਲ ਪੰਜਾਬ ਨੂੰ ਲੱਗੀਆਂ ਵੱਖੋ ਵੱਖ ਅਲਾਮਤਾਂ ਵੀ ਖਤਮ ਹੋਣਗੀਆਂ। ਜਿਹੜੇ ਨਸ਼ੇ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਹ ਜਲਦੀ ਦੂਰ ਹੋ ਜਾਵੇਗੀ। ਇਸ ਟੀਚੇ ਲਈ ਨੌਜਵਾਨਾਂ ਨੂੰ ਸਿਹਤ ਸੰਭਾਲ ਤੇ ਖੇਡਾਂ ਨਾਲ ਜੋੜਨਾ ਜ਼ਰੂਰੀ ਹੈ। ਇਹ ਸਾਰੇ ਪੰਜਾਬੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਇਸ ਮੇਲੇ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤੇ 06 ਕਰੋੜ ਇਨਾਮਾਂ ਲਈ ਰੱਖੇ ਗਏ ਹਨ। ਪਹਿਲਾ ਸਾਲ ਹੈ 56 ਫ਼ੀਸਦ ਖੇਡਾਂ ਦਾ ਬਜਟ ਵਧਾਇਆ ਗਿਆ ਹੈ ਤੇ ਇਸ ਵਾਰ ਕੁਲ 223 ਕਰੋੜ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੇਲਿਆਂ ਨਾਲ ਪੰਜਾਬ ਵਿੱਚ ਇੱਕ ਨਵੀਂ ਊਰਜਾ ਭਰੀ ਜਾਵੇਗੀ ਜਿਸ ਨਾਲ ਅਸਲ ਤੰਦਰੁਸਤ ਪੰਜਾਬ ਦਾ ਸਿਰਜਿਆ ਜਾਵੇਗਾ।

ਉਹਨਾਂ ਕਿਹਾ ਕਿ ਖ਼ਿਡਾਰੀਆਂ ਨੂੰ ਜ਼ਮੀਨੀ ਪੱਧਰ ਤੋਂ ਕੌਮਾਂਤਰੀ ਪੱਧਰ ਤੱਕ ਲੈਕੇ ਜਾਣ ਸਬੰਧੀ ਉਪਰਾਲਿਆਂ ਤਹਿਤ ਵੀ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। ਜਿਹੜਾ ਖ਼ਿਡਾਰੀ ਇਕ ਵਾਰ ਸਟੇਟ ਅਤੇ ਨੈਸ਼ਨਲ ਪੱਧਰ ਉੱਤੇ ਆ ਗਿਆ, ਉਸ ਨੂੰ ਸੰਭਾਲਣ ਤੇ ਅੱਗੇ ਲੈਕੇ ਜਾਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਕੈਬਿਨਟ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀ ਇਸ ਖੇਡ ਮੇਲੇ ਦੀ ਕਾਮਯਾਬੀ ਲਈ ਯਤਨ ਕਰਨ। ਪੰਜਾਬ ਖੇਡਾਂ ਵਿਚ ਪਹਿਲੇ ਨੰਬਰ ਉੱਤੇ ਸੀ ਤੇ ਮੁੜ ਇਸ ਨੂੰ ਪਹਿਲੇ ਨੰਬਰ ਉੱਤੇ ਲੈਕੇ ਆਉਣਾ ਹੈ। ਆਉਣ ਵਾਲ਼ੇ ਸਮੇਂ ਵਿੱਚ ਪਿੰਡਾਂ ਵਿਚ ਮੈਦਾਨ ਤਿਆਰ ਕੀਤੇ ਜਾਣਗੇ ਤੇ ਰੂਪਨਗਰ ਵਿਖੇ ਐਸਟ੍ਰੋਟਰਫ ਲਾਈ ਜਾਵੇਗੀ ਤੇ ਰੋਇੰਗ ਲਈ ਵਿਸ਼ੇਸ਼ ਕਿਸ਼ਤੀਆਂ ਦਿੱਤੀਆਂ ਜਾਣਗੀਆਂ।

ਖੇਡ ਮੰਤਰੀ ਨੇ ਕਿਹਾ ਕਿ ਪਿਛਲੇ ਦੌਰ ਵਿਚ ਖ਼ਿਡਾਰੀਆਂ ਨੂੰ ਕੋਈ ਖਾਸ ਸਹਿਯੋਗ ਸਰਕਾਰ ਵਲੋਂ ਨਹੀਂ ਮਿਲਿਆ ਫੇਰ ਵੀ ਪੰਜਾਬ ਦੇ ਖਿਡਾਰੀਆਂ ਨੇ ਹਾਲ ਹੀ ਵਿੱਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ 07 ਮੈਡਲ ਜਿੱਤੇ ਹਨ। ਪਰ ਹੁਣ ਸਰਕਾਰ ਵੱਲੋਂ ਖ਼ਿਡਾਰੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ।

ਪੰਜਾਬ ਸਰਕਾਰ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ ਤਾਂ ਜੋ ਖਿਡਾਰੀਆਂ ਨੂੰ ਨੌਕਰੀਆਂ ਤੇ ਚੰਗੇ ਮਾਣ ਸਨਮਾਨ ਮਿਲਣ ਸਕਣ। ਖੇਡਾਂ ਵਿਚ ਪੰਜਾਬ ਨੂੰ ਉੱਪਰ ਚੁੱਕਣ ਲਈ ਜ਼ਮੀਨੀ ਪੱਧਰ ਉੱਤੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਜ਼ਰੂਰੀ ਹੈ। ਇਸੇ ਤਹਿਤ ਇਹ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਦੇ ਚੰਗੇ ਸਿੱਟੇ ਹੌਲੀ ਹੌਲੀ ਵੱਡੇ ਪੱਧਰ ਉੱਤੇ ਸਾਹਮਣੇ ਆਉਣੇ।

ਖੇਡ ਮੰਤਰੀ ਨੇ ਦੱਸਿਆ ਕਿ ਇਸ ਖੇਡ ਮੇਲੇ ਤਹਿਤ ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰ ਉੱਤੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਪੱਧਰ ਉੱਤੇ ਇਹ ਮੇਲਾ 29 ਅਗਸਤ 2022 ਤੋਂ ਲੈ ਕੇ 04 ਸਤੰਬਰ 2022 ਤੱਕ , ਜ਼ਿਲ੍ਹਾ ਪੱਧਰ ਉੱਤੇ 09 ਸਤੰਬਰ ਤੋਂ ਲੈਕੇ 20 ਸਤੰਬਰ ਤੱਕ ਅਤੇ ਰਾਜ ਪੱਧਰ ਉੱਤੇ 11 ਅਕਤੂਬਰ ਤੋਂ ਲੈ ਕੇ 30 ਅਕਤੂਬਰ 2022 ਤੱਕ ਹੋਵੇਗਾ।

ਖੇਡ ਮੇਲਾ "ਖੇਡਾਂ ਵਤਨ ਪੰਜਾਬ ਦੀਆਂ" ਸੂਬੇ ਵਿੱਚ ਖੇਡ ਸੱਭਿਆਚਾਰ ਸੁਰਜੀਤ ਕਰਨ ਦਾ ਉਪਰਾਲਾ-ਮੀਤ ਹੇਅਰ

ਇਸ ਮੇਲੇ ਲਈ ਖਿਡਾਰੀ ਆਨਲਾਈਨ ਤੇ ਆਫ਼ਲਾਈਨ ਦੋਵੇਂ ਤਰੀਕ਼ੇ ਨਾਲ ਰਜਿਸਟ੍ਰੇਸ਼ਨ ਕਰ ਸਕਦੇ ਹਨ। ਆਫਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਖੇਡ ਦਫ਼ਤਰ ਵਿਖੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।  www.punjabkhedmela2022.in ‘ਤੇ ਆਨਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਆਨਲਾਈਨ ਰਜਿਟ੍ਰੇਸ਼ਨ 25 ਅਗਸਤ ਤੱਕ ਖੁੱਲ੍ਹੀ ਹੈ।

ਇਸ ਮੇਲੇ ਤਹਿਤ ਖੇਡਾਂ ਵੱਖ-ਵੱਖ ਕੈਟਾਗਰੀਆਂ ਤਹਿਤ ਕਰਵਾਈਆਂ ਜਾਣਗੀਆਂ। ਜਿਹਨਾਂ ਵਿੱਚ ਅੰਡਰ -14, ਅੰਡਰ -17 , ਅੰਡਰ-21, 21 ਤੋਂ 30, 31 ਤੋਂ ਲੈ ਕੇ 40 ਸਾਲ, 50 ਸਾਲ ਤੋਂ ਵੱਧ ਤੱਕ ਓਪਨ ਗਰੁੱਪ  ਓਪਨ ਗਰੁੱਪ ਖਿਡਾਰੀ ਸ਼ਾਮਲ ਹਨ।

ਇਸ ਮੌਕੇ ਕਾਰਵਾਈਆਂ ਜਾਣ ਵਾਲੀਆਂ ਖੇਡਾਂ ਤਹਿਤ ਬਲਾਕ ਪੱਧਰੀ ਖੇਡਾਂ ਵਿਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਰੱਸਾ-ਕਸੀ ਅਤੇ ਖੋ- ਖੋ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਿਟਬਾਲ, ਪਾਵਰ ਲਿਫਟਿੰਗ, ਲਾਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹਾ ਪੱਧਰ ਵਾਲੀਆਂ ਖੇਡਾਂ ਸਮੇਤ ਕਿਕ ਬਾਕਸਿੰਗ, ਤੀਰ ਅੰਦਾਜ਼ੀ, ਸ਼ੂਟਿੰਗ, ਸ਼ਤਰੰਜ, ਰੋਇੰਗ, ਜਿਮਨਾਸਟਿਕਸ, ਫੈਂਸਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ।

ਸ਼੍ਰੀ ਮੀਤ ਹੇਅਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹਨਾਂ ਖੇਡਾਂ ਸਬੰਧੀ ਸੁਚੱਜੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ ਅਤੇ ਕਿਸੇ ਵੀ ਖਿਡਾਰੀ ਤੇ ਦਰਸ਼ਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ।

ਇਸ ਮੌਕੇ ਖੇਡ ਮੰਤਰੀ ਨੇ ਖਿਡਾਰੀਆਂ ਦੇ ਸੁਝਾਅ ਲਏ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਦੇ ਹੱਲ ਦਾ ਭਰੋਸਾ ਦਿੱਤਾ।

ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਕੈਬਿਨਟ ਮੰਤਰੀ ਮੀਤ ਹੇਅਰ ਲਗਾਤਰ ਵੱਖੋ ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਰੇ ਵਿਭਾਗਾਂ ਵਲੋਂ ਵੱਧ ਤੋਂ ਵੱਧ ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਪਿੰਡ ਵਾਰ ਅਧਿਕਾਰੀ ਤੇ ਕਰਮਚਾਰੀ ਭੇਜ ਕੇ ਵੀ ਰਜਿਸਟ੍ਰੇਸ਼ਨ ਕੀਤੀ ਜਾਵੇ ਤੇ ਆਫਲਾਈਨ ਰਜਿਸਟ੍ਰੇਸ਼ਨ ਲਈ ਕੈਂਪ ਲਾਏ ਜਾਣ।

ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਖੇਡ ਮੇਲੇ ਲਈ ਤਿਆਰੀਆਂ ਜੰਗੀ ਪੱਧਰ ਉੱਤੇ ਜਾਰੀ ਹਨ। ਇਸ ਸਬੰਧੀ ਵੱਖੋ ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਤੇ ਖੇਡ ਮੈਦਾਨਾਂ ਦੀ ਸ਼ਨਾਖਤ ਕਰਕੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਵਿਖੇ ਇਨ੍ਹਾਂ ਖੇਡ ਮੇਲਿਆਂ ਨੂੰ ਵਧੀਆ ਢੰਗ ਨਾਲ ਨੇਪੜੇ ਚਾੜਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨੌਜਵਾਨ ਖਿਡਾਰੀਆਂ ਤੋਂ ਲੈਕੇ ਬਜੁਰਗ ਖਿਡਾਰੀਆਂ ਤੱਕ ਨੂੰ ਇਨ੍ਹਾਂ ਖੇਡ ਮੇਲਿਆਂ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਜਾਵੇਗੀ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਪੱਧਰ ਉੱਤੇ ਸਹਾਇਤਾ ਕੀਤੀ ਜਾਵੇਗੀ।

ਇਸ ਮੌਕੇ ਵਿਧਾਇਕ ਰੂਪਨਗਰ ਐਡਵੋਕੇਟ  ਦਿਨੇਸ਼ ਚੱਢਾ, ਡਾਇਰੈਕਟਰ ਖੇਡ ਵਿਭਾਗ  ਰਾਜੇਸ਼ ਧਿਮਾਨ, ਜ਼ਿਲ੍ਹਾ ਪੁਲੀਸ ਮੁਖੀ  ਸਨਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ (ਜ) ਹਰਜੋਤ ਕੌਰ, , ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

LATEST ARTICLES

Most Popular

Google Play Store