HomeUncategorizedਡਾ. ਮਮਤਾ ਸ਼ਰਮਾ ਨੂੰ 'ਪ੍ਰੋ. ਐੱਸ. ਸੁਲਤਾਨ ਅਖ਼ਤਰ ਮੈਮੋਰੀਅਲ ਐਵਾਰਡ 2020' ਹਾਸਿਲ...

ਡਾ. ਮਮਤਾ ਸ਼ਰਮਾ ਨੂੰ ‘ਪ੍ਰੋ. ਐੱਸ. ਸੁਲਤਾਨ ਅਖ਼ਤਰ ਮੈਮੋਰੀਅਲ ਐਵਾਰਡ 2020’ ਹਾਸਿਲ ਹੋਇਆ

ਡਾ. ਮਮਤਾ ਸ਼ਰਮਾ ਨੂੰ ‘ਪ੍ਰੋ. ਐੱਸ. ਸੁਲਤਾਨ ਅਖ਼ਤਰ ਮੈਮੋਰੀਅਲ ਐਵਾਰਡ 2020’ ਹਾਸਿਲ ਹੋਇਆ

ਪਟਿਆਲਾ /31 ਜਨਵਰੀ, 2022

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਮਮਤਾ ਸ਼ਰਮਾ ਨੂੰ ‘ਪ੍ਰੋ. ਐੱਸ. ਸੁਲਤਾਨ ਅਖ਼ਤਰ ਮੈਮੋਰੀਅਲ ਐਵਾਰਡ 2020’ ਹਾਸਿਲ ਹੋਇਆ ਹੈ।   ਉਨ੍ਹਾਂ ਨੂੰ ਇਹ ਐਵਾਰਡ ਖੇਡ ਮਨੋਵਿਗਿਆਨ/ਅਗਵਾਈ ਅਤੇ ਕਾਊਂਸਲਿੰਗ ਮਨੋਵਿਗਿਆਨ/ਸਿਹਤ ਮਨੋਵਿਗਿਆਨ/ ਸੰਸਥਾਗਤ ਮਨੋਵਿਗਿਆਨ ਜਾਂ ਮਨੋਵਿਗਿਆਨ ਦੇ ਹੋਰਨਾਂ ਵਿਹਾਰਕ ਖੇਤਰਾਂ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਬਦਲੇ ਪ੍ਰਾਪਤ ਹੋਇਆ ਹੈ। ਇਹ ਐਵਾਰਡ ਮਨੋਵਿਗਿਆਨ ਦੇ ਖੇਤਰ ਵਿਚਲੀਆਂ ਭਾਰਤ ਦੀਆਂ ਬਹੁਤ ਥੋੜ੍ਹੀਆਂ ਸੰਸਥਾਵਾਂ ਵਿੱਚ ਇੱਕ ਇੰਡੀਅਨ ਅਕੈਡਮੀ ਆਫ਼ ਅਪਲਾਈਡ ਸਾਈਕੌਲੋਜੀ (ਆਈ.ਏ.ਏ.ਪੀ.) ਵੱਲੋਂ ਹਰ ਸਾਲ ਪ੍ਰਦਾਨ ਕੀਤਾ ਜਾਂਦਾ ਹੈ। ਹਰੇਕ ਸਾਲ ਇਹ ਸੰਸਥਾ ਸਮੁੱਚੇ ਦੇਸ ਵਿਚਲੀ ਮਨੋਵਿਗਿਆਨ ਦੀ ਫ਼ੈਕਲਟੀ ਵਿੱਚੋਂ ਇਸ ਐਵਾਰਡ ਲਈ ਨਾਮਜ਼ਦਗੀਆਂ ਦੀ ਮੰਗ ਕਰਦੀ ਹੈ। ਐਵਾਰਡ ਦੀ ਚੋਣ ਪ੍ਰਕਿਰਿਆ ਵਿੱਚ ਅੰਤਿਮ ਫ਼ੈਸਲਾ ਲੈਣ ਲਈ ਸੰਬੰਧਤ ਜਿਊਰੀ ਵੱਲੋਂ ਨਾਮਜ਼ਦ ਹੋਏ ਨਾਮਾਂ ਦੇ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਬਰੀਕੀ ਨਾਲ ਵੇਖਿਆ ਜਾਂਦਾ ਹੈ।

ਡਾ. ਮਮਤਾ ਸ਼ਰਮਾ ਮਨੋਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਹਨ। ਉਨ੍ਹਾਂ ਦੀ ਕਾਊਂਸਲਿੰਗ ਅਤੇ ਸਿਹਤ ਮਨੋਵਿਗਿਆਨ ਦੇ ਖੇਤਰ ਵਿੱਚ ਬਹੁਤ ਸਾਰੀ ਖੋਜ ਅਤੇ ਮੁਹਾਰਤ ਹੈ। ਉਹ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸਿ਼ਆਂ ਵਿੱਚੋਂ ਕੱਢਣ ਲਈ ਚਲਾਏ ਜਾਂਦੇ ਪ੍ਰਾਜੈਕਟ ‘ਡੈਪੋ’ ਅਤੇ ‘ਬੱਡੀ’ ਨਾਮ ਪ੍ਰੋਗਰਾਮ ਨਾਲ ਜੁੜ ਕੇ ਵੀ ਜ਼ਮੀਨੀ ਪੱਧਰ ਉੱਤੇ ਬਹੁਤ ਸਾਰਾ ਕਾਰਜ ਕਰ ਰਹੇ ਹਨ। ਉਹ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨਜਿੱਠਣ ਲਈ ਉਨ੍ਹਾਂ ਦੇ ਆਪਣੇ ਅੰਦਰ ਦੀ ਤਾਕਤ ਨੂੰ ਮਹਿਸੂਸ ਕਰਵਾਉਣ ਅਤੇ ਅੰਦਰੂਨੀ ਊਰਜਾ ਨੂੰ ਸਿਰਜਣਾਤਮਕ ਵਿਚਾਰਾਂ ਵਿੱਚ ਤਬਦੀਲ ਕਰਵਾਉਣ ਲਈ ਕਾਰਜ ਕਰਦੇ ਰਹਿੰਦੇ ਹਨ।

ਪੰਜਾਬ ਨਾਰਕੋਟਿਕਸ ਪ੍ਰੀਵੈਂਸ਼ਨ ਕੰਪੇਨ ਕਮਿਟੀ ਤਹਿਤ ਜਿ਼ਲ੍ਹਾ ਮਿਸ਼ਨ ਟੀਮ, ਪਟਿਆਲਾ ਮੈਂਬਰ ਹੋਣ ਦੇ ਨਾਤੇ ਉਹ ਡਰੱਗਜ਼ ਉੱਪਰ ਨਿਰਭਰ ਲੋਕਾਂ ਦੇ ਮੁੜ ਤੋਂ ਆਮ ਜਿ਼ੰਦਗੀ ਵਿੱਚ ਪਰਤਣ ਲਈ ਇੱਕ ਰੈੱਡ ਸਕਾਈ ਅਫ਼ਸਰ ਵਜੋਂ ਭੂਮਿਕਾ ਨਿਭਾ ਰਹੇ ਹਨ।

ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀਆਂ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ਤਹਿਤ ਟੈਲੀ-ਕੌਂਸਲਿੰਗ ਦੀਆਂ ਸੇਵਾਵਾਂ ਮੁਹਈਆ ਕਰਵਾਉਣ ਵਿੱਚ ਉਨ੍ਹਾਂ ਨੇ ਵਿਸ਼ਾ-ਮਾਹਿਰ ਵਜੋਂ ਸੇਵਾ ਨਿਭਾਈ ਹੈ।

ਡਾ. ਮਮਤਾ ਸ਼ਰਮਾ ਨੂੰ 'ਪ੍ਰੋ. ਐੱਸ. ਸੁਲਤਾਨ ਅਖ਼ਤਰ ਮੈਮੋਰੀਅਲ ਐਵਾਰਡ 2020' ਹਾਸਿਲ ਹੋਇਆ
Dr Mamta Sharma

ਪੰਜਾਬ ਸਰਕਾਰ ਦੀਆਂ ਨਸ਼ਾ ਰੋਕਥਾਮ ਗਤੀਵਿਧੀਆਂ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਸਦਕਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ‘ਸਮਾਜ ਸੇਵਾ’ ਸ਼੍ਰੇਣੀ ਵਿੱਚ ‘ਪੰਜਾਬ ਸਰਕਾਰ ਰਾਜ ਪੁਰਸਕਾਰ 2021’ ਵੀ ਪ੍ਰਦਾਨ ਕੀਤਾ ਜਾ ਚੁੱਕਾ ਹੈ। ਇਹ ਐਵਾਰਡ ਮਹਾਮਾਰੀ ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਆਪੋ ਆਪਣੀ ਵਿਸ਼ੇਸ਼ ਮੁਹਾਰਤ ਜ਼ਰੀਏ ਯੋਗਦਾਨ ਪਾਉਣ ਵਾਲੀਆਂ ਚੁਣਿੰਦਾ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤਾ ਗਿਆ ਸੀ।

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਕਤੀਕਰਣ ਵਿਭਾਗ ਨੇ ਉਨ੍ਹਾਂ ਵੱਲੋਂ ਨਸ਼ਾਖੋਰੀ ਦੀ ਰੋਕਥਾਮ ਵਿੱਚ ਪਾਏ ਗਏ ਯੋਗਦਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ ‘ਨਸ਼ਾ ਮੁਕਤਾ ਭਾਰਤ ਅਭਿਆਨ 2020’ ਵਿੱਚ ਸਟੇਟ ਰਿਸੋਰਸ ਪਰਸਨ ਵਜੋਂ ਨਾਮਜ਼ਦ ਕੀਤਾ ਹੈ।

ਡਾ. ਮਮਤਾ ਇੰਟਰਨੈਸ਼ਨਲ ਸੋਸਾਇਟੀ ਆਫ਼ ਸਬਸਟਾਂਸ ਯੂਜ਼ ਪ੍ਰੋਫ਼ੈਸ਼ਨਲਜ਼ ਯੂ.ਕੇ. ਦੇ ਸਰਗਰਮ ਮੈਂਬਰ ਹਨ। ਉਹ ਇੰਸਪਾ ਜਰਨਲ ਆਫ਼ ਅਪਲਾਈਡ ਐਂਡ ਸਕੂਲ ਸਾਈਕੌਲਜੀ ਦੇ ਸਹਿ -ਸੰਪਾਦਕ ਅਤੇ ਟੈਕਸਿਲਾ ਅਮੈਰੀਕਨ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਹੁੰਦੇ ‘ਟੈਕਸਿਲਾ ਇੰਟਰਨੈਸ਼ਨਲ ਜਰਨਲ ਆਫ਼ ਸਾਈਕੌਲਜੀ’ ਦੇ ਪੀਅਰ ਰਿਵਿਊਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਉਹ ਇੰਡੀਅਨ ਐਸੋਸੀਏਸ਼ਨ ਆਫ਼ ਅਪਲਾਈਡ ਸਾਈਕੌਲਜੀ, ਇੰਡੀਆ ਦੇ ਕਾਰਜਕਾਰੀ ਮੈਂਬਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਈ. ਸੀ.ਐੱਸ.ਐੱਸ.ਆਰ. ਦਾ ਇੱਕ ਮੇਜਰ ਖੋਜ ਪ੍ਰਾਜੈਕਟ ਕਰਨ ਦਾ ਵੀ ਮਾਣ ਹਾਸਿਲ ਹੈ।

ਡਾ. ਮਮਤਾ ਸ਼ਰਮਾ ਨੂੰ ‘ਪ੍ਰੋ. ਐੱਸ. ਸੁਲਤਾਨ ਅਖ਼ਤਰ ਮੈਮੋਰੀਅਲ ਐਵਾਰਡ 2020’ ਹਾਸਿਲ ਹੋਇਆ I ‘ਪ੍ਰੋ. ਐੱਸ. ਸੁਲਤਾਨ ਅਖ਼ਤਰ ਯਾਦਗਾਰੀ ਪੁਰਸਾਕਾਰ’ ਦੀ ਆਪਣੀ ਤਾਜ਼ਾ ਪ੍ਰਾਪਤੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਵੱਲੋਂ ਇਸ ਐਵਾਰਡ ਨੂੰ ਪ੍ਰਦਾਨ ਕਰਨ ਵਾਲੀ ਸੰਸਥਾ ਇੰਡੀਅਨ ਅਕੈਡਮੀ ਆਫ਼ ਅਪਲਾਈਡ ਸਾਈਕੌਲੋਜੀ ਦਾ ਉਚੇਚਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਐਵਾਰਡ ਦੇ ਵੱਕਾਰ ਦੀ ਕਦਰ ਕਰਦੇ ਹਨ ਅਤੇ ਇਸ ਵੱਕਾਰ ਨੂੰ ਬਹਾਲ ਰੱਖਣ ਲਈ ਕਾਰਜਸ਼ੀਲ ਰਹਿਣਗੇ।

 

LATEST ARTICLES

Most Popular

Google Play Store