HomeUncategorizedਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਸੈਸ਼ਨ 2020-21 ਦੇ ਦਾਖਲਿਆਂ ਦੀ...

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਸੈਸ਼ਨ 2020-21 ਦੇ ਦਾਖਲਿਆਂ ਦੀ ਸ਼ੁਰੂਆਤ; ਸੂਚਨਾ ਪੁਸਤਕ ਜਾਰੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਸੈਸ਼ਨ 2020-21 ਦੇ ਦਾਖਲਿਆਂ ਦੀ ਸ਼ੁਰੂਆਤ; ਸੂਚਨਾ ਪੁਸਤਕ ਜਾਰੀ

ਪਟਿਆਲਾ, 16 ਜੂਨ:

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਸੈਸ਼ਨ 2020-21 ਦੇ ਦਾਖਲਿਆਂ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਦਿਆਂ ਦਾਖਲਿਆਂ ਦੀ ਸੂਚਨਾ ਪੁਸਤਕ ਜਾਰੀ ਕਰ ਦਿੱਤੀ ਗਈ। ਇਸ ਸੰਬੰਦੀ ਹੋਏ ਰਿਲੀਜ਼ ਪ੍ਰੋਗਰਾਮ ਦੌਰਾਨ ਬੋਲਦਿਆਂ ਡਾ. ਘੁੰਮਣ ਨੇ ਦੱਸਿਆ ਕਿ ਇਸ ਵਾਰ ਦਾਖਲਾ ਮੁਹਿੰਮ ਦੀ ਸ਼ੁਰੂਆਤ ਕਰਨਾ ਇਸ ਲਈ ਵਧੇਰੇ ਉਤਸ਼ਾਹਪੂਰਕ ਹੋ ਗਿਆ ਹੈ ਕਿਉਂਕਿ ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ ਨੇ ਨਿਰਫ਼ ਦੀ ਰਾਸ਼ਟਰ ਪੱਧਰੀ ਰੈਂਕਿੰਗ ਵਿਚ ਵੱਡੀ ਛਾਲ ਮਾਰਦਿਆਂ 64ਵਾਂ ਸਥਾਨ ਹਾਸਿਲ ਕਰ ਲਿਆ ਹੈ। ਇਸ ਤੋਂ ਇਲਾਵਾ ਐਜ਼ੂਕੇਸ਼ਨ ਵ’ਲਡ ਨਾਮੀ ਇਕ ਹੋਰ ਰਾਸ਼ਟਰੀ ਅਦਾਰੇ ਦੀ ਰੈਂਕਿੰਗ ਵਿਚ ਵੀ ਦੇਸ਼ ਭਰ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਅਠਾਰਵ੍ਹਾਂ ਅਤੇ ਸੂਬੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਮੌਜੂਦਾ ਸੈਸ਼ਨ ਦੌਰਾਨ ਇੰਜਨੀਅਰਿੰਗ ਵਿੰਗ ਦੇ ਸਾਰੇ ਇੱਛੁਕ ਅਤੇ ਯੋਗ ਵਿਦਿਆਰਥੀਆਂ ਦੀ ਪਲੇਸਮੈਂਟ ਹੋਣਾ ਵੀ ਸਾਡੇ ਲਈ ਇਕ ਸ਼ੁਭ ਸੰਕੇਤ ਹੈ। ਅਜਿਹੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਹੁਣ ਨਵੇਂ ਵਿਦਿਆਰਥੀਆਂ ਦਾ ਪੰਜਾਬੀ ਯੂਨੀਵਰਸਿਟੀ ਵੱਲ ਰੁਝਾਨ ਵਧਣਾ ਤੈਅ ਹੈ। ਇਸ ਲਈ ਇਸ ਵਾਰ ਪੂਰਨ ਉਮੀਦ ਹੈ ਕਿ ਸਾਰੇ ਕੋਰਸਾਂ ਵਿਚ ਸੌ ਫੀਸਦੀ ਦਾਖਲਾ ਸੰਭਵ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਰਿਜਨਲ ਸੈਂਟਰਾਂ, ਕੰਸਟੀਚਿਊਟ ਕਾਲਜਾਂ ਅਤੇ ਕਾਲਜਾਂ ਵਿਚੋਂ ਵੀ ਇਸ ਵਾਰ ਦਾਖਲਾ ਵਧਣ ਦੇ ਸਾਕਾਰਾਤਮਕ ਸੰਕੇਤ ਪ੍ਰਾਪਤ ਹੋ ਰਹੇ ਹਨ ਜੋ ਕਿ ਚੰਗੀ ਖਬਰ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਉਪਰੰਤ ਪੈਦਾ ਹੋਣ ਵਾਲੀ ਸਥਿਤੀ ਅਤੇ ਆਮ ਮਾਰਕੀਟ ਰੁਝਾਨਾਂ ਨੂੰ ਵਿਸ਼ੇਸ਼ ਤੌਰ ਤੇ ਮੱਦੇਨਜ਼ਰ ਰਖਦੇ ਹੋਏ ਇਸ ਵਾਰ ਬਹੁਤ ਸਾਰੇ ਨਵੇਂ ਕੋਰਸ ਵੀ ਸ਼ੁਰੂ ਕੀਤੇ ਗਏ ਹਨ।

ਵਿਸ਼ਾ ਮਾਹਿਰਾਂ ਦੇ ਉੱਚ ਪੱਧਰੀ ਵਿਚਾਰ ਵਟਾਂਦਰੇ ਉਪਰੰਤ ਸ਼ੁਰੂ ਕੀਤੇ ਗਏ ਇਨ੍ਹਾਂ ਕੋਰਸਾਂ ਵੱਲ ਵੀ ਵੱਡੀ ਪੱਧਰ ਤੇ ਵਿਦਿਆਰਥੀਆਂ ਦੇ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 21ਵੀਂ ਸਦੀ ਦੀਆਂ ਸੰਸਾਰ ਪੱਧਰੀ ਯੂਨੀਵਰਸਿਟੀਆਂ ਦੀ ਹਾਣੀ ਹੋਣ ਦੇ ਮੰਤਵ ਨਾਲ ਬਹੁਤ ਸਾਰੇ ਕਦਮ ਉਠਾਏ ਗਏ। ਇੰਡਸਟਰੀ ਨਾਲ ਨਿਰੰਤਰ ਰਾਬਤਾ ਕਾਇਮ ਰਖਦਿਆਂ ਪਾਠਕ੍ਰਮਾਂ ਨੂੰ ਬਕਾਇਦਗੀ ਸਹਿਤ ਸੋਧਿਆ ਗਿਆ ਹੈ ਤਾਂ ਕਿ ਵਿਦਿਆਰਥੀਆਂ ਵੱਲੋਂ ਗ੍ਰਹਿਣ ਕੀਤੀ ਜਾਂਦੀ ਅਕਾਦਮਿਕ ਸਿੱਖਿਆ ਅਤੇ ਇੰਡਸਟਰੀ ਦੀਆਂ ਲੋੜਾਂ ਵਿਚਲੇ ਖੱਪੇ ਨੂੰ ਪੂਰਿਆ ਜਾ ਸਕੇ। ਅਧਿਆਪਨ ਵਿਧੀਆਂ ਵਿਚ ਵੀ ਸੋਧ ਕੀਤੀ ਗਈ ਹੈ। ਇਸ ਸਮੁੱਚੀ ਸਥਿਤੀ ਦੀ ਲੋਅ ਵਿਚ ਪੰਜਾਬੀ ਯੂਨੀਵਰਸਿਟੀ ਇਸ ਵਾਰ ਦਾਖਲਿਆਂ ਵਿਚ ਵੱਡਾ ਵਾਧਾ ਹੋਣ ਪ੍ਰਤੀ ਉਮੀਦਵੰਦ ਹੈ।


ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਾਈਸ ਚਾਂਸਲਰ ਡਾ. ਘੁੰਮਣ ਦੀ ਅਗਵਾਈ ਵਿਚ ਸੰਸਾਰ ਦੀਆਂ ਨਾਮੀ ਯੂਨੀਵਰਸਿਟੀਆਂ ਨਾਲ ਅਕਾਦਮਿਕ ਸਾਂਝਾਂ ਸਿਰਜੇ ਜਾਣ ਨਾਲ ਯੂਨੀਵਰਸਿਟੀ ਦਾ ਨਾਮ ਹੋਰ ਵਧਿਆ ਹੈ ਜਿਸ ਦਾ ਸਾਕਾਰਾਤਮਕ ਅਸਰ ਆਗਾਮੀ ਸੈਸ਼ਨ ਦੇ ਦਾਖਲਿਆਂ ਉੱਪਰ ਪੈਣਾ ਵੀ ਨਿਸ਼ਚਿਤ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਮਾਪੇ ਜਿਸ ਕਿਸਮ ਦੇ ਸੁਖਾਵੇਂ ਅਕਾਦਮਿਕ ਮਾਹੌਲ ਨੂੰ ਤਰਜੀਹ ਦਿੰਦੇ ਹਨ, ਪੰਜਾਬੀ ਯੂਨੀਵਰਸਿਟੀ ਉਸ ਸਭ ਦੀ ਪੂਰਤੀ ਕਰਦੀ ਹੈ।

ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਦੱਸਿਆ ਕਿ ਅਕਾਦਮਿਕ ਪ੍ਰਬੰਧਨ ਪੱਖੋਂ ਯੂਨੀਵਰਸਿਟੀ ਨੇ ਪਿਛਲੇ ਸਮੇਂ ਵਿਚ ਬਹੁਤ ਸਾਰੇ ਨਵੇਂ ਕਦਮ ਉਠਾਏ ਹਨ ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਅੱਠ ਅੰਤਰ ਅਨੁਸਾਸ਼ਨੀ ਖੋਜ ਕੇਂਦਰਾਂ ਦੀ ਸਥਾਪਨਾ ਕਰਨ ਤੋਂ ਇਲਾਵਾ ਵਖ-ਵਖ ਖੋਜਾਂ ਲਈ ਸਿਰਫ ਪੇਟੈਂਟ ਹੀ ਹਾਸਿਲ ਨਹੀਂ ਕੀਤੇ ਸਗੋਂ ਹੁਣ ਟੈਕਨੌਲਜੀ ਟਰਾਂਸਫਰ ਦੇ ਪੜਾਅ ਤਕ ਵੀ ਸਫਰ ਤੈਅ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਿਰਫ ਦੀ ਰੈਂਕਿੰਗ ਵਿਚ ਪਹਿਲੀਆਂ ਸੌ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਣ ਨਾਲ ਹੁਣ ਪੰਜਾਬੀ ਯੂਨੀਵਰਸਿਟੀ ਲਈ ਹੋਰ ਵੀ ਨਵੇਂ ਰਾਹ ਖੁੱਲ੍ਹ ਗਏ ਹਨ ਕਿਉਂਕਿ ਕੁੱਝ ਵਿਸ਼ੇਸ਼ ਅਕਾਦਮਿਕ ਗਰਾਂਟਾਂ ਪਹਿਲੀਆਂ ਸੌ ਯੂਨੀਵਰਸਿਟੀਆਂ ਨੂੰ ਹੀ ਹਾਸਿਲ ਹੁੰਦੀਆਂ ਹਨ। ਇਸ ਲਈ ਆਗਾਮੀ ਵਿਦਿਆਰਥੀਆਂ ਨੂੰ ਇਹ ਦੱਸਣ ਦੀ ਖੁਸ਼ੀ ਲੈ ਸਕਦੇ ਹਾਂ ਕਿ ਹੁਣ ਯੂਨੀਵਰਸਿਟੀ ਹੋਰ ਵੀ ਬੁਲੰਦੀਆਂ ਤਕ ਪਹੁੰਚੇਗੀ।

ਦਾਖਲਾ ਸੈੱਲ ਦੇ ਕੋਆਰਡੀਨੇਟਰ ਡਾ. ਮਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਨਵੇਂ ਦਾਖਲਿਆਂ ਸੰਬੰਧੀ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸਾਰੇ ਪ੍ਰਬੰਧ ਢੁਕਵੇਂ ਰੂਪ ਵਿਚ ਕੀਤੇ ਜਾ ਰਹੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਗੱਲ ਨੂੰ ਜਿ਼ਹਨ ਵਿਚ ਰੱਖ ਕੇ ਢੁਕਵੀਂ ਰਣਨੀਤੀ ਬਣਾਈ ਗਈ ਹੈ ਕਿ ਕੋਵਿਡ-19 ਕਾਰਨ ਵਿਦਿਆਰਥੀਆਂ ਵੱਲੋਂ ਔਨਲਾਈਨ ਵਿਧੀ ਦਾ ਰੁਖ ਹੀ ਵਧੇਰੇ ਕੀਤਾ ਜਾਵੇਗਾ।
ਇਸ ਮੌਕੇ ਓ. ਐੱਸ. ਡੀ. ਟੂ ਵਾਈਸ-ਚਾਂਸਲਰ ਡਾ. ਐੱਨ. ਐੱਸ. ਅੱਤਰੀ ਅਤੇ ਵਿੱਤ ਅਫਸਰ ਡਾ. ਰਾਕੇਸ਼ ਖੁਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

LATEST ARTICLES

Most Popular

Google Play Store