Homeਪੰਜਾਬੀ ਖਬਰਾਂਰੇਲ ਆਵਾਜਾਈ ਬਹਾਲ -ਰਾਜਪੁਰਾ ਥਰਮਲ ਪਲਾਂਟ 'ਚ ਕੋਲੇ ਦੇ ਪੰਜ ਰੈਕ ਪੁੱਜੇ-...

ਰੇਲ ਆਵਾਜਾਈ ਬਹਾਲ -ਰਾਜਪੁਰਾ ਥਰਮਲ ਪਲਾਂਟ ‘ਚ ਕੋਲੇ ਦੇ ਪੰਜ ਰੈਕ ਪੁੱਜੇ- ਵਪਾਰੀਆਂ ਵੱਲੋਂ ਭਰਵਾਂ ਸਵਾਗਤ

ਰੇਲ ਆਵਾਜਾਈ ਬਹਾਲ -ਰਾਜਪੁਰਾ ਥਰਮਲ ਪਲਾਂਟ ‘ਚ ਕੋਲੇ ਦੇ ਪੰਜ ਰੈਕ ਪੁੱਜੇ- ਵਪਾਰੀਆਂ ਵੱਲੋਂ ਭਰਵਾਂ ਸਵਾਗਤ

ਪਟਿਆਲਾ, 24 ਨਵੰਬਰ:
ਪੰਜਾਬ ‘ਚ ਰੇਲ ਆਵਾਜਾਈ ਦੇ ਬਹਾਲ ਹੋਣ ਬਾਅਦ ਕਾਰੋਬਾਰੀਆਂ ਦੇ ਚਿਹਰਿਆਂ ‘ਤੇ ਰੌਣਕਾਂ ਪਰਤ ਆਈਆਂ ਹਨ। ਕਾਰੋਬਾਰੀ ਰੇਲ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਆਪਣੇ ਰੁਕੇ ਪਏ ਵਪਾਰ ਦੇ ਮੁੜ ਤੋਂ ਲੀਹ ‘ਤੇ ਆਉਣ ਦੀ ਆਸ ਨਾਲ ਫ਼ਿਰ ਤੋਂ ਕੱਚਾ ਮਾਲ ਮੰਗਾਉਣ ਅਤੇ ਤਿਆਰ ਮਾਲ ਭੇਜਣ ਦੇ ਪ੍ਰਬੰਧਾਂ ‘ਚ ਲੱਗ ਗਏ ਹਨ। ਇਸ ਤਰ੍ਹਾਂ ਪੰਜਾਬ ‘ਚ ਰੇਲ ਸੇਵਾਵਾਂ ਬਹਾਲ ਹੋਣ ‘ਤੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਹੈ।

ਵਪਾਰੀਆਂ ਅਤੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਪਹਿਲਾਂ ਨੋਟਬੰਦੀ ਫੇਰ ਜੀ.ਐਸ.ਟੀ. ਤੇ ਫੇਰ ਕੋਰੋਨਾ ਮਹਾਂਮਾਰੀ ਕਰਕੇ ਵਪਾਰ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਬਾਅਦ ‘ਚ ਸੂਬੇ ਅੰਦਰ ਰੇਲ ਸੇਵਾਵਾਂ ਠੱਪ ਹੋਣ ਕਰਕੇ ਚੋਖਾ ਨੁਕਸਾਨ ਹੋਇਆ ਹੈ ਪਰੰਤੂ ਹੁਣ ਆਸ ਹੈ ਕਿ ਰੇਲ ਸੇਵਾਵਾਂ ਬਹਾਲ ਹੋਣ ਨਾਲ ਜਿੱਥੇ ਕੱਚਾ ਮਾਲ ਸੂਬੇ ‘ਚ ਆਵੇਗਾ, ਉਥੇ ਹੀ ਤਿਆਰ ਮਾਲ ਵੀ ਰੇਲ ਆਵਾਜਾਈ ਰਾਹੀਂ ਨਿਰਵਿਘਨ ਸੂਬੇ ਤੋਂ ਬਾਹਰ ਜਾ ਸਕੇਗਾ।

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ  ਰਕੇਸ਼ ਗੁਪਤਾ ਨੇ ਕਿਹਾ ਕਿ ਰੇਲ ਸੇਵਾਵਾਂ ਮੁੜ ਸ਼ੁਰੂ ਹੋਣ ਨਾਲ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਚੋਖੀ ਰਾਹਤ ਮਿਲੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਭਰ ‘ਚ ਕਰੀਬ 2500 ਕਰੋੜ ਰੁਪਏ ਦਾ ਮਾਲ ਰੁਕਿਆ ਹੋਇਆ ਸੀ।  ਗੁਪਤਾ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਚਲਾਉਣ ਲਈ ਰਾਹ ਛੱਡਣ ਦੇ ਫੈਸਲੇ ਅਤੇ ਕੇਂਦਰ ਸਰਕਾਰ ਵੱਲੋਂ ਰੇਲਾਂ ਮੁੜ ਚਲਾਉਣ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿਭਾਈ ਗਈ ਭੂਮਿਕਾ ਦਾ ਭਰਵਾਂ ਸਵਾਗਤ ਕਰਦੇ ਹਨ।

ਸ੍ਰੀ ਗੁਪਤਾ ਦਾ ਕਹਿਣਾ ਹੈ ਕਿ ਇੱਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਰੇਲ ਸੇਵਾ ਦੇ ਬੰਦ ਰਹਿਣ ਕਾਰਨ, ਉਹ ਕਾਫ਼ੀ ਮੁਸ਼ਕਿਲ ‘ਚ ਘਿਰ ਗਏ ਸਨ, ਕਿਉਂ ਜੋ ਅੰਬਾਲਾ ਤੋਂ ਹੀ ਰੇਲ ਢੋਆ-ਢੁਆਈ ਹੋਣ ਕਾਰਨ ਉਨ੍ਹਾਂ ਨੂੰ ਵਾਧੂ ਭਾੜਾ ਪੈ ਰਿਹਾ ਸੀ। ਹੁਣ ਰੇਲ ਗੱਡੀਆਂ ਦੀ ਆਮਦੋ-ਰਫ਼ਤ ਹੋਣ ਨਾਲ ਸਾਰਾ ਕੁੱਝ ਇੱਥੇ ਹੀ ਪਹੁੰਚਣਾ ਅਤੇ ਇੱਥੋਂ ਹੀ ਲੋਡ ਹੋਣ ਸ਼ੁਰੂ ਹੋ ਜਾਵੇਗਾ।

ਰੇਲ ਆਵਾਜਾਈ ਬਹਾਲ -ਰਾਜਪੁਰਾ ਥਰਮਲ ਪਲਾਂਟ 'ਚ ਕੋਲੇ ਦੇ ਪੰਜ ਰੈਕ ਪੁੱਜੇ- ਵਪਾਰੀਆਂ ਵੱਲੋਂ ਭਰਵਾਂ ਸਵਾਗਤ
ਜਦੋਂਕਿ ਪਟਿਆਲਾ ਇੰਡਸਟ੍ਰੀਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਚ.ਪੀ.ਐਸ. ਲਾਂਬਾ ਨੇ ਕਿਹਾ ਕਿ ਰੇਲਾਂ ਬੰਦ ਹੋਣ ਕਰਕੇ ਕੰਟੇਨਰ ਮੁੱਕ ਗਏ, ਜਿਸ ਕਰਕੇ ਉਨ੍ਹਾਂ ਦਾ ਖ਼ੁਦ ਦਾ ਵਿਦੇਸ਼ਾਂ ਨੂੰ ਨਿਰਯਾਤ ਹੋਣ ਵਾਲਾ ਵ੍ਹੀਫਰੀ ਖਾਧ ਪਦਾਰਥਾਂ ਦਾ ਮਾਲ ਲੁਧਿਆਣਾ ਪੋਰਟ ‘ਤੇ ਫਸਿਆ ਹੋਇਆ ਸੀ।  ਲਾਂਬਾ ਨੇ ਕਿਹਾ ਕਿ ਮਾਲ ਗੱਡੀਆਂ ਸ਼ੁਰੂ ਹੋਣ ਨਾਲ ਕੰਟੇਨਰ ਆਉਣਗੇ ਤੇ ਮਾਲ ਵਿਦੇਸ਼ਾਂ ਨੂੰ ਜਾਣਾ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।

ਇਸੇ ਤਰ੍ਹਾਂ ਨਾਭਾ ਪਾਵਰ ਪਲਾਂਟ ਰਾਜਪੁਰਾ ਨਾਲ ਜੁੜੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਹੋਣ ਨਾਲ ਪੰਜਾਬ ਦੇ ਬੰਦ ਪਏ ਥਰਮਲ ਪਲਾਂਟਾਂ ਨੂੰ ਸਭ ਤੋਂ ਜ਼ਿਆਦਾ ਸੁੱਖ ਦਾ ਸਾਹ ਆਇਆ ਹੈ। ਰਾਜਪੁਰਾ ਥਰਮਲ ਪਲਾਂਟ ‘ਚ ਰੇਲ ਆਵਾਜਾਈ ਬਹਾਲ ਹੋਣ ਬਾਅਦ ਕੋਲੇ ਦੇ ਪੰਜ ਰੈਕ ਲੱਗਣ ਦੀ ਪੁਸ਼ਟੀ ਕਰਦਿਆਂ ਇਸ ਅਧਿਕਾਰੀ ਨੇ ਦੱਸਿਆ ਕਿ ਅੱਜ ਸ਼ਾਮ ਤੋਂ ਥਰਮਲ ਨੂੰ ਕਾਰਜਸ਼ੀਲ ਕਰਨ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਥਰਮਲਾਂ ‘ਚ ਬਿਜਲੀ ਪੈਦਾ ਹੋਣ ਨਾਲ ਪੀਐਸਪੀਸੀਐਲ ਨੂੰ ਨੈਸ਼ਨਲ ਗ੍ਰਿਡ ਤੋਂ ਮਿਲ ਰਹੀ ਮਹਿੰਗੀ ਬਿਜਲੀ ਤੋਂ ਵੀ ਨਿਜਾਤ ਮਿਲ ਜਾਵੇਗੀ।
ਪੀਐਸਪੀਸੀਐਲ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਇੱਕ ਯੂਨਿਟ ਚੱਲਣ ਬਾਅਦ ਅੱਜ ਰਾਤ ਤੱਕ ਰਾਜਪੁਰਾ ਦੇ ਥਰਮਲ ਪਲਾਂਟ ਦੇ ਕਾਰਜਸ਼ੀਲ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਲੋੜ ਮੁਤਾਬਕ ਥਰਮਲ ਯੂਨਿਟਾਂ ਨੂੰ ਕਾਰਜਸ਼ੀਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਉਤਰ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪਟਿਆਲਾ ਰੇਲਵੇ ਸਟੇਸ਼ਨ ‘ਤੇ ਡੇਢ ਦਰਜਨ ਤੋਂ ਵਧੇਰੇ ਮਾਲ ਗੱਡੀਆਂ ਲੱਗ ਚੁੱਕੀਆਂ ਹਨ ਅਤੇ ਮਾਲ ਦਾ ਆਉਣਾ ਤੇ ਜਾਣਾ ਬਹਾਲ ਹੋ ਗਿਆ ਹੈ।

ਇਸੇ ਤਰ੍ਹਾਂ ਵਪਾਰ ਮੰਡਲ ਦੇ ਜਨਰਲ ਸਕੱਤਰ ਰਾਜਨ ਸਿੰਗਲਾ ਨੇ ਕਿਹਾ ਕਿ ਹਾਰਡਵੇਅਰ ਦਾ ਕਾਫ਼ੀ ਸਾਰਾ ਸਮਾਨ ਵੀ ਰੇਲਾਂ ਰਾਹੀਂ ਪੰਜਾਬ ਆਉਂਦਾ ਸੀ, ਹੁਣ ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਵਪਾਰੀਆਂ ਨੂੰ ਕਾਫ਼ੀ ਰਾਹਤ ਮਿਲੀ ਹੈ। ਰੇਡੀਮੇਡ ਗਾਰਡਮੈਂਟਸ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ, ਤ੍ਰਿਪੜੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾਸ ਚਾਵਲਾ ਤੇ ਗਊਸ਼ਾਲਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਸ਼ਰਮਾ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਜਦੋਂਕਿ ਫੋਕਲ ਪੁਆਇੰਟ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਰੋਹਿਤ ਬਾਂਸਲ ਅਤੇ ਮੀਤ ਪ੍ਰਧਾਨ ਰਜੀਵ ਗਰਗ ਨੇ ਕਿਹਾ ਕਿ ਰੇਲ ਗੱਡੀਆਂ ਮੁੜ ਚੱਲਣ ਨਾਲ ਉਦਯੋਗਪਤੀਆਂ ਨੂੰ ਵੱਡੀ ਰਾਹਤ ਪ੍ਰਦਾਨ ਹੋਈ ਹੈ, ਕਿਉਂਕਿ ਉਨ੍ਹਾਂ ਦਾ ਕੱਚਾ ਮਾਲ ਤੇ ਤਿਆਰ ਮਾਲ ਰਸਤੇ ਵਿੱਚ ਹੀ ਫਸ ਗਿਆ ਸੀ।

LATEST ARTICLES

Most Popular

Google Play Store