ਦ੍ਰਿਸ਼ਟੀਕੋਣ ਕਾਲਮ : ‘ਛੁੱਟੀਆਂ ਵਿੱਚ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ’- ਜਗਮੀਤ ਸਿੰਘ

170

ਦ੍ਰਿਸ਼ਟੀਕੋਣ ਕਾਲਮ : ‘ਛੁੱਟੀਆਂ ਵਿੱਚ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ’- ਜਗਮੀਤ ਸਿੰਘ

ਜਗਮੀਤ ਸਿੰਘ / royalpatiala.in News/ 31 ਮਈ, 2026

ਗਰਮੀਆਂ ਦੀਆਂ ਛੁੱਟੀਆਂ ਆਉਂਦਿਆਂ ਹੀ ਮਾਪਿਆਂ ਦੇ ਮਨ ਵਿੱਚ ਖਿਆਲ ਉਪਜਦਾ ਹੈ ਕਿ ਆਪਣੇ ਬੱਚਿਆਂ ਦੀ ਸ਼ਖ਼ਸੀਅਤ ਦੇ ਵਿਕਾਸ ਅਤੇ ਉੱਜਲ ਭਵਿੱਖ ਲਈ ਇਨ੍ਹਾਂ ਛੁੱਟੀਆਂ ਦੀ ਸੁਚੱਜੀ ਵਰਤੋਂ ਕਿਵੇਂ ਕੀਤੀ ਜਾਵੇ। ਇਨ੍ਹਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਬੱਚਿਆਂ ਦੁਆਰਾ ਦਿਨ ਸਮੇਂ ਬਾਹਰ ਜਾ ਕੇ ਖੇਡਣਾ ਜਾਂ ਕੋਈ ਗਤੀਵਿਧੀ ਕਰਨਾ ਸੰਭਵ ਨਹੀਂ ਹੁੰਦਾ। ਪਰ ਘਰ ਦੇ ਅੰਦਰ ਰਹਿੰਦਿਆਂ ਵੀ ਇਹ ਛੁੱਟੀਆਂ ਮੌਜੂਦਾ ਸਿੱਖਿਆ ਪ੍ਰਬੰਧ ਵਿਚਲੀਆਂ ਕੁਝ ਊਣਤਾਈਆਂ ਨੂੰ ਪੂਰਨ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਬਹੁਤ ਵਧੀਆ ਮੌਕਾ ਦਿੰਦੀਆਂ ਹਨ। ਬੱਚੇ ਦੀ ਉਮਰ, ਪੱਧਰ, ਰੁਚੀ ਅਤੇ ਲੋੜ ਅਨੁਸਾਰ ਨਿਮਨ ਅੰਕਿਤ ਰੋਚਕ ਅਭਿਆਸ ਗਤੀਵਿਧੀਆਂ ਵਿੱਚੋਂ ਕੋਈ ਇੱਕ ਜਾਂ ਵਧੇਰੇ ਚੁਣੀਆਂ ਜਾ ਸਕਦੀਆਂ ਹਨ:

ਪਹਿਲਾ ਸੁਖ ਨਿਰੋਗੀ ਕਾਇਆ (ਸਿਹਤ ਸੰਬੰਧੀ): ਭੱਜ-ਦੌੜ ਭਰਪੂਰ ਆਧੁਨਿਕ ਜ਼ਿੰਦਗੀ ਵਿੱਚ ਮਾਨਸਿਕ ਅਤੇ ਸਰੀਰਕ ਸਿਹਤ ਵੱਲੋਂ ਮਨੁੱਖ ਦਾ ਧਿਆਨ ਹਟਦਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਦੇ ਤੂਫ਼ਾਨੀ ਦੌਰ ਨੇ ਤਾਂ ਇਸਨੂੰ ਖ਼ਤਰਨਾਕ ਹੱਦ ਤੱਕ ਪਹੁੰਚ ਦਿੱਤਾ ਹੈ। ਇਸ ਲਈ ਛੁੱਟੀਆਂ ਵਿੱਚ ਬੱਚਿਆਂ ਨੂੰ ਸਰੀਰਕ ਵਰਜ਼ਿਸ਼ (ਕਸਰਤ), ਧਿਆਨ, ਯੋਗ, ਪ੍ਰਾਣਾਯਮ ਆਦਿ ਨਿਯਮਿਤ ਤੌਰ ’ਤੇ ਕਰਨ ਅਤੇ ਸੁਵਖਤੇ ਉੱਠਣ ਦੀ ਆਦਤ ਪਾ ਕੇ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ। ਡਿਜੀਟਲ ਪ੍ਰਦੂਸ਼ਣ ਤੋਂ ਬਚਾਅ ਲਈ ਤਕਨੀਕੀ/ਬਿਜਲਈ ਯੰਤਰਾਂ ਉੱਪਰ ਨਿਰਭਰਤਾ ਘਟਾਈ ਜਾਵੇ; ਮੋਬਾਈਲ ਫ਼ੋਨ, ਟੀ.ਵੀ. ਅਤੇ ਸਕਰੀਨ ਸਮਾਂ ਘੱਟ ਤੋਂ ਘੱਟ ਰੱਖਿਆ ਜਾਵੇ। ਗਣਿਤ ਦੇ ਸਵਾਲ ਹੱਲ ਕਰਨ ਲਈ ਬੱਚਿਆਂ ਨੂੰ ਕੈਲਕੂਲੇਟਰ ਦੀ ਵਰਤੋਂ ਨਾ ਕਰਨ ਦਿਓ, ਉਨ੍ਹਾਂ ਦੀ ਬੌਧਿਕ ਗਣਨਾ ਸਮਰੱਥਾ ਵਿੱਚ ਵਾਧਾ ਹੋ ਜਾਵੇਗਾ। ਬੱਚਿਆਂ ਨੂੰ ਗਣਿਤ ਦੇ ਫ਼ੀਲਡ ਮੈਡਲ ਜੇਤੂ ਵਿਦਵਾਨਾਂ ਬਾਰੇ ਜਾਣਕਾਰੀ ਦਿੰਦੇ ਲੇਖ ਪੜ੍ਹਨ ਲਈ ਮੁਹੱਈਆ ਕਰਵਾਏ ਜਾਣ। ਸਕੂਲੀ ਪੱਧਰ ਦੇ ਗਣਿਤ ਲਈ ਸਕੂਲ ਤੋਂ ਇਲਾਵਾ ਰੂਸੀ ਗਣਿਤ (ਮੀਰ ਪਬਲਿਸ਼ਰ, ਮਾਸਕੋ) ਪੁਸਤਕਾਂ ਵਿਸ਼ਵ ਵਿੱਚ ਸਰਬੋਤਮ ਹਨ। ਬਾਰੀਕਬੀਨੀ ਵਾਲ਼ੀ ਸੂਝ (Critical Thinking), ਬੌਧਿਕ ਪੱਧਰ ਅਤੇ ਤਰਕ ਬੁੱਧੀ (ਲੌਜਿਕ) ਦਾ ਵਿਕਾਸ ਕਰਨ ਵਾਲੀਆਂ ਗਿਆਨ ਵਰਧਕ ਖੇਡਾਂ ਜਿਵੇਂ- ਸ਼ਤਰੰਜ, ਬਾਰਾਂ ਟਾਹਣੀ, ਤਸਵੀਰਾਂ ਵਿੱਚ ਅੰਤਰ ਲੱਭਣਾ, ਸਪੈਲਿੰਗ ਬੀ, ਸ਼ੋਗੀ, ਗੋ, ਰੂਬਿਕਸ ਕਿਊਬ, ਸੂ-ਡੋ-ਕੂ, ਕਾ-ਕੂ-ਰੋ, ਮੈਜਿਕ ਸਕੁਏਅਰ ਅਤੇ ਭੂਲ ਭੁਲਈਆ (Maze) ਆਦਿ ਵੱਲ ਪ੍ਰੇਰਿਆ ਜਾਵੇ। ਜੇਕਰ ਸਕੂਲ ਵਿੱਚ ਕੋਈ ਵਿਸ਼ਾ ਜਾਂ ਟਾਪਿਕ ਵਿਸ਼ੇਸ਼ ਔਖਾ ਲੱਗਦਾ ਹੈ ਤਾਂ ਛੁੱਟੀਆਂ ਇਸ ਕਮਜ਼ੋਰ ਵਿਸ਼ੇ ਨੂੰ ਸਹੀ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।

ਬੱਚੇ ਨੂੰ ਪੁਰਾਤਨ ਪੰਜਾਬੀ ਰਵਾਇਤੀ ਅਤੇ ਵਿਰਾਸਤੀ ਗਿਆਨ ਪ੍ਰਬੰਧ ਨਾਲ ਜੋੜਨ ਲਈ ਪਰੰਪਰਾਗਤ ਗਿਆਨ ਵਿਧੀਆਂ ਤੋਂ ਜਾਣੂ ਕਰਵਾਇਆ ਜਾਵੇ ਜਿਵੇਂ- ਤਾਰੇ (ਖਿੱਤੀਆਂ) ਦੇਖ ਕੇ ਦਿਸ਼ਾਵਾਂ ਲੱਭਣਾ, ਬੁਝਾਰਤਾਂ ਬੁਝਣਾ, ਬਾਤਾਂ ਪਾਉਣੀਆਂ ਅਤੇ ਸੁਣਨੀਆਂ, ਪੰਚਤੰਤਰ ਅਤੇ ਪੰਜਾਬੀ ਲੋਕ ਕਹਾਣੀਆਂ, ਰੱਸੀ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗੰਢਾਂ ਦੇਣੀਆਂ, ਰੋਜ਼ਾਨਾ 2-3 ਦੇਸੀ ਅਖਾਣ ਮੁਹਾਵਰੇ ਗੱਲਬਾਤ ਵਿੱਚ ਵਰਤ ਕੇ ਉਨ੍ਹਾਂ ਨਾਲ਼ ਬੱਚੇ ਦੀ ਜਾਣ ਪਛਾਣ ਕਰਵਾਉਣੀ; ਪੌਣੇ, ਸਵਾਏ, ਡੂਢੇ, ਸਾਢਿਆਂ ਤੇ ਢਾਈਏ ਆਦਿ ਦੇ ਪਹਾੜਿਆਂ ਬਾਰੇ ਦੱਸਣਾ ਅਤੇ ਬੱਚਿਆਂ ਨੂੰ ਕਿਸੇ ਇਤਿਹਾਸਿਕ ਸਥਾਨ ਤੇ ਲੈ ਕੇ ਜਾਣਾ ਆਦਿ।

ਰਚਨਾਤਮਕ ਰੁਚੀਆਂ ਉਤਸ਼ਾਹਿਤ ਕਰਨ ਲਈ – ਪੇਂਟਿੰਗ, ਓਰੀਗਾਮੀ (ਕਾਗਜ਼ਾਂ ਨਾਲ ਵੱਖ-ਵੱਖ ਆਕ੍ਰਿਤੀਆਂ ਬਣਾਉਣਾ), ਕੁਕਿੰਗ, ਅਣਡਿੱਠੇ ਵਿਸ਼ਿਆਂ ਬਾਰੇ ਲੇਖ ਲਿਖਾਉਣਾ, ਸਟੇਜ ਡਰ ਦੂਰ ਕਰਨ ਲਈ ਸਾਰਿਆਂ ਦੇ ਸਾਹਮਣੇ ਲੈਕਚਰ ਦੇਣਾ, ਕੋਈ ਵਿਸ਼ਾ ਦੇ ਕੇ ਕਵਿਤਾ ਲਿਖਾਉਣੀ ਅਤੇ ਕਵਿਤਾ ਦੇ ਨਿਯਮਾਂ (ਪਿੰਗਲ/ਅਰੂਜ਼ ਆਦਿ) ਬਾਰੇ ਮੁਢਲੀ ਜਾਣਕਾਰੀ ਦੇਣਾ, ਚੋਣਵੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਪੜ੍ਹਨ ਲਈ ਦੇਣੀਆਂ, ਸੁਚੱਜੇ ਸਮਾਂ ਪ੍ਰਬੰਧਨ (Time Management) ਅਤੇ ਸਮੇਂ ਦੇ ਮਹੱਤਵ ਬਾਰੇ ਸਿਖਾਉਣਾ, ਵਿਸ਼ਵ ਤਾਪੀਕਰਨ (ਗਲੋਬਲ ਵਾਰਮਿੰਗ) ਤੇ ਰੁੱਖਾਂ ਬਾਰੇ ਜਾਣਕਾਰੀ ਦੇ ਕੇ ਪੰਜਾਬ ਦੇ ਰਵਾਇਤੀ ਰੁੱਖ ਜਿਵੇਂ – ਨਿੰਮ, ਅਰਜਨ, ਟਾਹਲੀ, ਅੰਬ ਆਦਿ ਬੱਚਿਆਂ ਤੋਂ ਲਗਵਾਉਣੇ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਵਾਉਣੀ।

ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ – “Today’s readers are tomorrow’s leaders” ਇਸ ਲਈ ਮਾਂ-ਬੋਲੀ ਨਾਲ ਜੋੜਨ ਲਈ ਪੰਜਾਬੀ ਪੁਸਤਕ ਸੱਭਿਆਚਾਰ ਨਾਲ ਜਾਣ ਪਛਾਣ ਕਰਵਾਉਣੀ ਅਤੇ ਪੜ੍ਹਨ ਦੀ ਰੁਚੀ ਬਣਾਉਣ ਲਈ ਮਾਤ ਭਾਸ਼ਾ ਅਤੇ ਹੋਰ ਬੋਲੀਆਂ ਦੀਆਂ ਚੋਣਵੀਆਂ ਪੁਸਤਕਾਂ ਵਿੱਚੋਂ ਕੁਝ ਰੋਚਕ ਲੇਖ/ਕਹਾਣੀਆਂ ਪੜ੍ਹਨ ਲਈ ਦੇਣੀਆਂ, ਅੱਖਰਾਂ ਅਤੇ ਸ਼ਬਦਾਂ ਦੇ ਸ਼ੁੱਧ ਉਚਾਰਨ ਉੱਪਰ ਬਲ ਦੇਣਾ, ਮੁਹਾਰਨੀ ਦਾ ਵਾਰ-ਵਾਰ ਉਚਾਰਨ ਕਰਵਾਉਣਾ, ਲਿਖਾਈ ਸੁੰਦਰ ਬਣਾਉਣ ਲਈ ਅਭਿਆਸ ਕਰਵਾਉਣਾ। ਚਲੰਤ ਆਮ ਗਿਆਨ ਵਿੱਚ ਵਾਧੇ ਲਈ ਦੇਸ਼-ਵਿਦੇਸ਼ ਵਿੱਚ ਹੋ ਰਹੀਆਂ ਘਟਨਾਵਾਂ (ਜਿਵੇਂ ਕਿ ਚੋਣਾਂ, ਬਹੁਮਤ ਕੀ ਹੁੰਦੀ ਹੈ, ਨਾਸਾ ਤੇ ਇਸਰੋ ਦੇ ਪੁਲਾੜ ਮਿਸ਼ਨ ਆਦਿ) ਬਾਰੇ ਬੱਚਿਆਂ ਨੂੰ ਅਖ਼ਬਾਰ ਦੀਆਂ ਖ਼ਬਰਾਂ ਪੜ੍ਹਨ ਲਈ ਦੇਣਾ ਅਤੇ ਬਾਅਦ ਵਿੱਚ ਉਨ੍ਹਾਂ ਬਾਰੇ ਸੰਖੇਪ ਰੂਪ ਵਿੱਚ ਲਿਖਵਾਉਣਾ ਜਾਂ ਪੁੱਛਣਾ।

ਵਿਦਿਅਕ ਸਮਰੱਥਾ ਵਿੱਚ ਵਾਧਾ ਕਰਨ ਅਤੇ ਤਕਨੀਕੀ ਭਵਿੱਖ ਵਿੱਚ ਕਿੱਤਾਮੁਖੀ ਸਹਾਇਤਾ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਬਾਰੇ ਜਾਣਕਾਰੀ ਦੇਣਾ, ਕੰਪਿਊਟਰ ਪ੍ਰੋਗਰਾਮਿੰਗ, ਕੋਡਿੰਗ (Coding), ਮੋਰਸ ਕੋਡ (Morse Code), ਕੋਈ ਨਵੀਂ ਭਾਸ਼ਾ ਸਿਖਾਉਣਾ (ਮੈਂਡਾਰਿਨ, ਫ੍ਰੈਂਚ, ਉਰਦੂ, ਫ਼ਾਰਸੀ ਆਦਿ); ਯਾਦ ਰੱਖਣ ਦੀ ਸਮਰੱਥਾ ਵਧਾਉਣ ਲਈ ਮਾਨਸਿਕ ਅਭਿਆਸ (ਮੈਮੋਰੀ ਟ੍ਰੇਨਿੰਗ ਕੋਰਸ) ਕਰਵਾਉਣਾ ਆਦਿ।

ਆਤਮ ਨਿਰਭਰਤਾ, ਹੋਰ ਸਦਗੁਣ ਅਤੇ ਚੰਗੀਆਂ ਆਦਤਾਂ ਦਾ ਵਿਕਾਸ – ਸਵੇਰੇ ਉਠਦਿਆਂ ਹੀ ਆਪਣਾ ਬਿਸਤਰ ਆਪ ਸਹੀ ਕਰਨਾ, ਆਪਣੀਆਂ ਜੁੱਤੀਆਂ ਆਪ ਪਾਲਿਸ਼ ਕਰਨਾ, ਦਿਨ ਸਮੇਂ ਦੀ ਪੜਚੋਲ ਕਰਨ ਲਈ ਡਾਇਰੀ ਲਿਖਣ ਦੀ ਆਦਤ ਦਾ ਵਿਕਾਸ, ਕਿਸੇ ਖੇਡ ਵਿੱਚ ਹਾਰਨ ’ਤੇ ਵੀ ਗੁੱਸਾ ਨਾ ਕਰਨਾ, ਆਪਣੀਆਂ ਖੇਡਾਂ ਜਾਂ ਖਾਣ ਵਾਲੀਆਂ ਵਸਤਾਂ ਬਾਕੀ ਭੈਣ-ਭਰਾਵਾਂ ਨਾਲ਼ ਵੰਡਣ ਦਾ ਗੁਣ ਆਦਿ।

ਇਹਨਾਂ ਨੁਕਤਿਆਂ ਨੂੰ ਛੁੱਟੀਆਂ ਵਿੱਚ ਹੀ ਨਹੀਂ ਸਗੋਂ ਉਸ ਤੋਂ ਬਾਅਦ ਵੀ ਜਾਰੀ ਰੱਖਣ ਨਾਲ ਬੱਚਿਆਂ ਦੀ ਸ਼ਖ਼ਸੀਅਤ ਦਾ ਬਹੁਪੱਖੀ ਵਿਕਾਸ ਹੋਵੇਗਾ ਅਤੇ ਉਹ ਭਵਿੱਖ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਦੇ ਲਈ ਤਿਆਰ ਹੋਣਗੇ।

ਨੋਟ: ਲੇਖਕ ਦੁਆਰਾ ਪ੍ਰਗਟ ਕੀਤੇ ਵਿਚਾਰ ਨਿੱਜੀ ਹਨ। ਲੇਖਕ ,ਜਗਮੀਤ ਸਿੰਘ, ਨਾਲ Whatsapp – 9041513736 ਤੇ ਸੰਪਰਕ ਕੀਤਾ ਜਾ ਸਕਦਾ ਹੈ