Homeਪੰਜਾਬੀ ਖਬਰਾਂਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਸੜਕ ਸਣੇ...

ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਸੜਕ ਸਣੇ ਕਈ ਮੁੱਦੇ ਚੁੱਕੇ

ਮਨੀਸ਼  ਤਿਵਾੜੀ ਨੇ ਲੋਕ ਸਭਾ ਵਿੱਚ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਸੜਕ ਸਣੇ ਕਈ ਮੁੱਦੇ ਚੁੱਕੇ

ਬਹਾਦਰਜੀਤ ਸਿੰਘ /ਰੂਪਨਗਰ, 22 ਮਾਰਚ, 2022
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਲੋਕ ਸਭਾ ਵਿੱਚ ਬੰਗਾ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਤੱਕ ਸੜਕ ਦੇ ਨਿਰਮਾਣ ਦਾ ਮੁੱਦਾ ਉਠਾਇਆ ਹੈ, ਜਿਸ ਦਾ ਨੀਂਹ ਪੱਥਰ 37 ਮਹੀਨਿਆਂ ਪਹਿਲਾਂ ਰੱਖਿਆ ਗਿਆ ਸੀ, ਪਰ ਪ੍ਰੋਜੈਕਟ ਅਜੇ ਸ਼ੁਰੂ ਨਹੀਂ ਹੋਇਆ ਹੈ।

ਇਸ ਦੌਰਾਨ ਉਨ੍ਹਾਂ ਨੇ ਮੁਹਾਲੀ ਵਿੱਚ ਗਰੀਨ ਫੀਲਡ ਪ੍ਰੋਜੈਕਟ, ਟ੍ਰਾਈ ਸਿਟੀ ਮੁਹਾਲੀ-ਚੰਡੀਗੜ੍ਹ-ਪੰਚਕੂਲਾ ਦੇ ਆਰਥਿਕ ਵਿਕਾਸ ਲਈ ਮਾਸ ਰੈਪਿਡ ਟਰਾਂਸਪੋਰਟ ਸਿਸਟਮ (ਐੱਮਆਰਟੀਅੱੈਸ) ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਨੰਗਲ ਸ਼ਹਿਰ ਵਿੱਚ ਬਣਨ ਵਾਲੇ ਸ਼ਿਵਾਲਿਕ ਐਵੇਨਿਊ ਦੇ ਫਲਾਈਓਵਰ ਦਾ ਮੁੱਦਾ ਵੀ ਉਠਾਇਆ।

ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਬੰਗਾ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਤੱਕ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ 25 ਫਰਵਰੀ, 2019 ਨੂੰ ਰੱਖਿਆ ਗਿਆ ਸੀ  ਪਰ 37 ਮਹੀਨੇ ਬੀਤ ਜਾਣ ਦੇ ਬਾਵਜੂਦ ਇਹ ਪ੍ਰੋਜੈਕਟ ਨੀਂਹ ਪੱਥਰ ਤੋਂ ਅੱਗੇ ਨਹੀਂ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਸਿੱਖਾਂ ਦੇ ਦੋ ਪਵਿੱਤਰ ਅਸਥਾਨਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਦੀ ਹੈ ਅਤੇ ਅੱਗੇ ਮਾਤਾ ਨੈਣਾ ਦੇਵੀ ਨੂੰ ਜਾਂਦੀ ਹੈ।  ਜੇਕਰ ਸਰਕਾਰ ਇਸ ਪ੍ਰਾਜੈਕਟ ਨੂੰ ਪੂਰਾ ਕਰਦੀ ਹੈ ਤਾਂ ਉਸ ਨੂੰ ਇਨ੍ਹਾਂ ਧਾਰਮਿਕ ਅਸਥਾਨਾਂ ਦਾ ਵੀ ਅਸ਼ੀਰਵਾਦ ਮਿਲੇਗਾ ਤੇ ਜੇਕਰ ਸਰਕਾਰ ਨਹੀਂ ਚਾਹੁੰਦੀ ਤਾਂ ਸਪੱਸ਼ਟ ਤੌਰ ’ਤੇ ਦੱਸ ਦੇਵੇ ਕਿ ਇਹ ਸਭ ਕੁਝ ਸਿਆਸੀ ਕਾਰਨਾਂ ਕਰਕੇ ਕੀਤਾ ਗਿਆ ਹੈ।

ਗ੍ਰੀਨਫੀਲਡ ਪ੍ਰੋਜੈਕਟ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਪੀਆਰਆਈ-ਗਮਾਡਾ ਐਕਸਪ੍ਰੈੱਸਵੇਅ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਨੂੰ ਚੰਡੀਗੜ੍ਹ ਕੌਮਾਂਤਰੀ ਹਵਾਈ  ਅੱਡੇ ਨੇੜੇ ਸਿਟੀ ਚੌਕ ਤੋਂ ਕੁਰਾਲੀ ਤੱਕ ਨਵੀਂ ਅਲਾਈਨਮੈਂਟ ਦਿੱਤੀ ਗਈ।  ਇਸ ਲਈ ਜ਼ਮੀਨ ਵੀ ਐਕੁਆਇਰ ਕੀਤੀ ਗਈ ਸੀ ਪਰ ਉਸ ਦੇ ਮੁਆਵਜ਼ੇ ਦੇ ਮੁੱਦੇ ’ਤੇ ਕੁਝ ਅੜਿੱਕੇ ਖੜ੍ਹੇ ਹੋ ਗਏ, ਕਿਉਂਕਿ ਪਿੰਡ ਦੇ ਕੁੱਝ ਲੋਕ ਆਪਣੀ ਜ਼ਮੀਨ ਸ਼ਹਿਰ ਨਾਲ ਲੱਗੀ ਹੋਣ ਕਾਰਨ ਹੋਰ ਮੁਆਵਜ਼ੇ ਦੀ ਮੰਗ ਕਰ ਰਹੇ ਹਨ।  ਇਸ ਦੌਰਾਨ ਜਨਤਕ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦਾ ਇਸ ਪ੍ਰਾਜੈਕਟ ਨੂੰ ਅੱਗੇ ਲਿਜਾਣ ਦਾ ਕੋਈ ਇਰਾਦਾ ਨਹੀਂ ਹੈ।

ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਸੜਕ ਸਣੇ ਕਈ ਮੁੱਦੇ ਚੁੱਕੇ
Manish Tiwari

ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਜਦੋਂ ਕਿਸੇ ਪ੍ਰੋਜੈਕਟ ਲਈ ਜ਼ਮੀਨ ਐਕੁਆਇਰ ਕੀਤੀ ਜਾਂਦੀ ਹੈ ਅਤੇ ਮੁਆਵਜ਼ੇ ਦਾ ਵੱਡਾ ਹਿੱਸਾ ਵੀ ਅਦਾ ਕੀਤਾ ਜਾਂਦਾ ਹੈ, ਤਾਂ ਪਿੱਛੇ ਮੁੜਨ ਦੀ ਲੋੜ ਨਹੀਂ ਹੈ।  ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਰਮੀ ਦਿਖਾਵੇ ਅਤੇ ਅਥਾਰਟੀ ਨੂੰ ਉਚਿਤ ਮੁਆਵਜ਼ਾ ਜਾਰੀ ਕਰਕੇ ਪ੍ਰਾਜੈਕਟ ਨੂੰ ਅੱਗੇ ਵਧਾਉਣ ਦਾ ਨਿਰਦੇਸ਼ ਦੇਵੇ।

ਇਸੇ ਤਰ੍ਹਾਂ, ਆਪਣੇ ਸੰਸਦੀ ਹਲਕੇ ਅਧੀਨ ਪੈਂਦੇ ਮੋਹਾਲੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੋਹਾਲੀ-ਚੰਡੀਗੜ੍ਹ-ਪੰਚਕੂਲਾ, ਜਿਸਨੂੰ ਟ੍ਰਾਈਸਿਟੀ ਵੀ ਕਿਹਾ ਜਾਂਦਾ ਹੈ, ਨੂੰ ਇਨੋਵੇਸ਼ਨ ਹੱਬ ਵਜੋਂ ਵਿਕਸਤ ਕਰਨ ਲਈ ਐੱਮ.ਆਰ.ਟੀ.ਐਸ. ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ,  ਜਿਸ ਤਹਿਤ ਅੰਬਾਲਾ ਤੋਂ ਕੁਰਾਲੀ ਅਤੇ ਮੋਹਾਲੀ ਤੋਂ ਪੰਚਕੂਲਾ ਤੱਕ ਇਹ ਸਿਸਟਮ ਸਥਾਪਿਤ ਕੀਤਾ ਜਾਣਾ ਹੈ, ਜੋ ਚੰਡੀਗੜ੍ਹ ਨੂੰ ਵੀ ਕਵਰ ਕਰੇਗਾ। ਉਨ੍ਹਾਂ ਖੁਲਾਸਾ ਕੀਤਾ ਕਿ ਟ੍ਰਾਈਸਿਟੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਐਨਾਲਿਟਿਕਸ, ਰੋਬੋਟਿਕਸ ਅਤੇ ਜੀਨੋਮਿਕਸ ਦੇ ਖੇਤਰ ਵਿੱਚ ਉਦਯੋਗਿਕ ਹੱਬ ਬਣਨ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਪ੍ਰਮੁੱਖ ਭਾਗੀਦਾਰ ਬਣ ਕੇ ਦੇਸ਼ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਕੇਂਦਰੀ ਮੰਤਰੀ ਗਡਕਰੀ ਅਤੇ ਰੇਲ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ।

ਇਸਦੇ ਨਾਲ ਹੀ ਉਨ੍ਹਾਂ ਨੰਗਲ ਸ਼ਹਿਰ ਦੇ ਸ਼ਿਵਾਲਿਕ ਐਵੇਨਿਊ ਨੇੜੇ ਬਣ ਰਹੇ ਫਲਾਈਓਵਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਫਲਾਈਓਵਰ ਇਲਾਕੇ ਦਾ ਖੂਨੀ ਚੌਂਕ ਹੋਣ ਕਾਰਨ ਬਣਾਇਆ ਜਾ ਰਿਹਾ ਹੈ, ਜਿੱਥੇ ਕਈ ਵਾਰ ਹਾਦਸੇ ਵਾਪਰਦੇ ਰਹਿੰਦੇ ਹਨ  ਪਰ ਅਫਸੋਸ ਦੀ ਗੱਲ ਹੈ ਕਿ ਫਲਾਈਓਵਰ ਦੀ ਅਲਾਈਨਮੈਂਟ ਉਸ ਖੂਨੀ ਚੌਕ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ, ਜਿਸ ਕਾਰਨ ਉਸਾਰੀ ਦਾ ਮਕਸਦ ਪੂਰਾ ਨਹੀਂ ਹੁੰਦਾ।  ਇਸ ਤੋਂ ਇਲਾਵਾ ਫਲਾਈਓਵਰ ਕਾਰਨ ਸ਼ਿਵਾਲਿਕ ਐਵੇਨਊ ਵਿੱਚ ਰਹਿਣ ਵਾਲੇ ਕਰੀਬ 30 ਹਜ਼ਾਰ ਲੋਕਾਂ ਦਾ ਰਸਤਾ ਬੰਦ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ 3-4 ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਨਾ ਪੈ ਰਿਹਾ ਹੈ।  ਜਿਸ ਕਾਰਨ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫਲਾਈਓਵਰ ਦੀ ਅਲਾਈਨਮੈਂਟ ਵਧਾਈ ਜਾਵੇ ਅਤੇ ਸ਼ਿਵਾਲਿਕ ਐਵੇਨਿਊ ਵਿੱਚ ਰਹਿੰਦੇ ਲੋਕਾਂ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ।

 

LATEST ARTICLES

Most Popular

Google Play Store